ਮੋਹਾਲੀ – ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਹਵਾਈ ਜਹਾਜ਼ਾਂ ਨੂੰ ਲੈ ਕੇ ਬਹੁਤ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹਨਾਂ ਖ਼ਬਰਾਂ ਦੇ ਚੱਲਦੇ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੋਚੀ ਤੋਂ ਦਿੱਲੀ ਜਾ ਰਹੀ ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਡਾ. ਬਾਬਾ ਸਾਹਿਬ ਅੰਬੇਡਕਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਇੰਡੀਗੋ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰਲਾਈਨ ਅਧਿਕਾਰੀਆਂ ਨੂੰ ਜਹਾਜ਼ ਵਿੱਚ ਬੰਬ ਰੱਖਣ ਦੀ ਧਮਕੀ ਮਿਲੀ ਸੀ। ਜਿਵੇਂ ਹੀ ਉਹਨਾਂ ਨੂੰ ਬੰਬ ਦੀ ਧਮਕੀ ਮਿਲੀ, ਉਸ ਦੌਰਾਨ ਹੀ ਜਹਾਜ਼ ਨੂੰ ਵਾਪਸ ਮੋੜ ਲਿਆ ਗਿਆ ਅਤੇ ਉਸ ਨੂੰ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਦਿੱਤਾ ਗਿਆ।
ਹਵਾਈ ਅੱਡੇ ‘ਤੇ ਜਾਰੀ ਹੋਇਆ ਸੁਰੱਖਿਆ ਹਾਈ ਅਲਰਟ
ਬੰਬ ਖੋਜ ਤੇ ਨਿਰੋਧਕ ਦਸਤੇ (BDDS) ਤੁਰੰਤ ਮੌਕੇ ‘ਤੇ ਪਹੁੰਚ ਗਏ। ਉਹਨਾਂ ਵੱਲੋਂ ਬੰਬ ਦੀ ਖੋਜ ਮੁਹਿੰਮ ਜਾਰੀ ਕਰ ਦਿੱਤੀ ਗਈ ਹੈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਵਾਪਸ ਪਹੁੰਚਾ ਦਿੱਤਾ ਗਿਆ ਹੈ। ਇਸ ਦੌਰਾਨ ਜਹਾਜ਼ ਨੂੰ ਜਾਂਚ ਲਈ ਅਲੱਗ ਕਰ ਦਿੱਤਾ ਗਿਆ ਹੈ। ਹਵਾਈ ਅੱਡੇ ਦੀ ਸੁਰੱਖਿਆ, ਕੇਂਦਰੀ ਉਦਯੋਗਿਕ ਸੁਰੱਖਿਆ ਬਲ ਤੇ ਸਥਾਨਕ ਪੁਲਿਸ ਹਾਈ ਅਲਰਟ ‘ਤੇ ਇਸ ਦੀ ਜਾਂਚ ਕਰ ਰਹੇ ਹਨ।