ਮੁਹਾਲੀ- ਇੱਕ ਵੱਡੇ ਖੁਫੀਆ-ਅਧਾਰਤ ਆਪ੍ਰੇਸ਼ਨ ਵਿੱਚ, ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈl ਅੰਮ੍ਰਿਤਸਰ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਦੇ ਨਾਲ ਹੀ ਪੁਲਿਸ ਨੇ ਉਨ੍ਹਾਂ ਦੇ ਕਬਜੇ ‘ਚੋਂ 8 ਆਧੁਨਿਕ ਹਥਿਆਰ ( 3 ਗਲੋਕ 9 ਐਮ.ਐਮ. ਪਿਸਤੌਲ, 3 ਚੀਨੀ ਪਿਸਤੌਲ .30 ਬੋਰ, 2 ਪਿਸਤੌਲ ਪੀ.ਐਕਸ-5 .30 ਬੋਰ), 1 ਕਿਲੋ ਹੈਰੋਇਨ ਅਤੇ 2.9 ਲੱਖ ਰੁਪਏ ਦੀ ਡਰੱਗ ਮਨੀ ਅਤੇ 01 ਪੈਸੇ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਹੈl

ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜ਼ਮ ਪਾਕਿਸਤਾਨ-ਅਧਾਰਤ ਤਸਕਰ ਦੇ ਨਿਰਦੇਸ਼ਾਂ ‘ਤੇ ਭਾਰਤ-ਪਾਕਿ ਸਰਹੱਦ ਪਾਰ ਹਥਿਆਰਾਂ ਦੀ ਖੇਪ ਦੀ ਤਸਕਰੀ ਕਰਨ ਲਈ ਕੰਮ ਕਰ ਰਹੇ ਸਨ। ਮੁਲਜ਼ਮਾਂ ਨੂੰ ਅਪਰਾਧਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਪੰਜਾਬ ਭਰ ਦੇ ਗੈਂਗਸਟਰਾਂ ਨੂੰ ਇਹ ਹਥਿਆਰ ਵੰਡਣ ਦਾ ਕੰਮ ਸੌਂਪਿਆ ਗਿਆ ਸੀ। ਅੰਮ੍ਰਿਤਸਰ ਦੇ ਪੀਐਸ ਐਸਐਸਓਸੀ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਪੰਜਾਬ ਪੁਲਿਸ ਇਸ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਕਰ ਰਹੀ ਹੈ।