ਮੋਹਾਲੀ- ਮੋਹਾਲੀ ਫੇਜ਼-7 ਦੀਆਂ ਲਾਈਟਾਂ ‘ਤੇ SC /BC ਮਹਾਂ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ “ਰਿਜ਼ਰਵੇਸ਼ਨ ਚੋਰ ਫੜੋ ਮੋਰਚੇ” ਤੇ ਅੱਜ ਇੱਕ ਐਨਆਰਆਈ 77 ਸਾਲਾ ਮਹਿਲਾ ਜੋਗਿੰਦਰ ਕੌਰ ਸੰਧੂ ਲੁਧਿਆਣਾ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਨਾਲ 21 ਸਾਲਾਂ ਤੋਂ ਹੋ ਰਹੀ ਧੱਕੇਸ਼ਾਹੀ ਦੀ ਹੱਡਬੀਤੀ ਸੁਣਾਈ। ਜਿਥੇ 21 ਸਾਲਾਂ ਵਿੱਚ ਸਰਕਾਰਾਂ ਤਾਂ ਕਈ ਬਦਲੀਆਂ, ਡੀਜੀਪੀ ਤੇ ਏਡੀਜੀਪੀ ਕਈ ਬਦਲੇ, ਪਰ ਜੋਗਿੰਦਰ ਕੌਰ ਸੰਧੂ ਨਾਲ ਕਿਸੇ ਨੇ ਵੀ ਇਨਸਾਫ਼ ਨਹੀਂ ਕੀਤਾ। ਪਰ, ਮਾਨਯੋਗ ਅਦਾਲਤ ਨੇ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਡੀਐਸਪੀ ਮੋਹਣ ਲਾਲ ਨੂੰ ਕਈ ਵਾਰੀ ਸੰਮਨ ਜਾਰੀ ਕੀਤੇ, ਉਸ ਨੂੰ 5 ਹਜ਼ਾਰ ਰੁਪਏ ਵੱਲੋਂ ਜੁਰਮਾਨਾ ਵੀ ਕੀਤਾ ਜਾ ਚੁੱਕਾ ਹੈ। ਪਰ ਉਸ ਡੀਐਸਪੀ ਨੇ ਮਾਨਯੋਗ ਅਦਾਲਤ ਨਜ਼ਰ ਅੰਦਾਜ ਕੀਤਾ। ਆਖ਼ਿਰ ਮਾਨਯੋਗ ਅਦਾਲਤ ਨੇ ਮਿਤੀ 9/06/2025 ਨੂੰ ਗ੍ਰਿਫਤਾਰ ਕਰਕੇ ਅਤੇ ਕਮਿਸ਼ਨਰ ਲੁਧਿਆਣਾ ਨੂੰ ਇਸ ਦਾ ਸਾਰਾ ਰਿਕਾਰਡ ਪੇਸ਼ ਕਰਨ ਲਈ ਹਦਾਇਤਾਂ ਕੀਤੀਆਂ ਹਨ। ਇਸ ਮੌਕੇ ਮਹਿਲਾ ਜੋਗਿੰਦਰ ਕੌਰ ਸੰਧੂ ਨੇ ਪ੍ਰੈੱਸ ਨੂੰ ਆਪਣੀ ਹੱਡ-ਬੀਤੀ ਸੁਣਾਈ ਅਤੇ ਦੋਸ਼ੀਆਂ ਵਿਰੁੱਧ ਕੀਤੀਆਂ ਕਾਰਵਾਈਆਂ ਦੇ ਦਸਤਾਵੇਜ਼ ਵੀ ਦਿਖਾਏ। ਉਹਨਾਂ ਸਮੂਹ ਐਨਆਰਆਈਜ ਨੂੰ ਅਪੀਲ ਕੀਤੀ ਕਿ ਇਸ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਕਿਸੇ ਕਿਸਮ ਦੇ ਇਨਸਾਫ਼ ਦੀ ਕੋਈ ਉਮੀਦ ਕੋਈ ਆਸ ਨਾ ਲਗਾਈ ਜਾਵੇ। ਪੰਜਾਬ ਦਾ ਐਨਆਰਆਈ ਵਿੰਗ ਚਿੱਟਾ ਹਾਥੀ ਸਾਬਤ ਹੋਇਆ ਹੈ।
ਇਸ ਬਾਰੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਪੁਲਿਸ ਦੀਆਂ ਵਧੀਕੀਆਂ ਦਾ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਕਤਲ ਕੇਸ, ਰੇਪ ਕੇਸ, ਧੋਖਾਧੜੀ ਆਦਿ ਦੇ ਕੇਸ ਇਸ ਮੋਰਚੇ ‘ਤੇ ਪਹੁੰਚੇ ਹਨ। ਮੋਰਚੇ ਨੇ ਹਮੇਸ਼ਾ ਡਟ ਕੇ ਸਹਾਇਤਾ ਕੀਤੀ ਹੈ ਅਤੇ ਪੀੜਿਤ ਲੋਕਾਂ ਨੂੰ ਹਮੇਸ਼ਾ ਇਨਸਾਫ਼ ਦਿਵਾਉਣ ਲਈ ਆਵਾਜ਼ ਉਠਾਈ ਹੈ। ਜਿਸ ਵਿੱਚ ਪ੍ਰੈੱਸ ਨੇ ਇੱਕ ਅਹਿਮ ਰੋਲ ਅਦਾ ਕੀਤਾ ਹੈ। ਪੂਰੇ ਪੰਜਾਬ ਵਿੱਚ ਪੁਲਿਸ ਤੋਂ ਦੁਖੀ ਲੋਕ ਤਰਾਹ-ਤਰਾਹ ਕਰ ਰਹੇ ਹਨ। ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ। ਹਰ ਪਾਸੇ ਲਾਅ ਐਂਡ ਆਰਡਰ ਦੀ ਸਥਿਤੀ ਫੇਲ ਹੋ ਚੁੱਕੀ ਹੈ। ਜਿਹੜੇ ਪੁਲਿਸ ਅਫਸਰ ਕੇਸਾਂ ਵਿੱਚ ਦੋਸ਼ੀ ਵੀ ਪਾਏ ਜਾਂਦੇ ਹਨ। ਉਨਾਂ ਦੇ ਵਿਰੁੱਧ ਕਾਰਵਾਈ ਹੋਣ ਦੀ ਬਜਾਏ ਉਹਨਾਂ ਦੀਆਂ ਹੋਰ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ। ਕੁੰਭੜਾ ਨੇ ਕਿਹਾ ਕਿ ਇਸ ਸਮੇਂ ਸਿਰਫ ਮਾਨਯੋਗ ਅਦਾਲਤ ਵੱਲੋਂ ਹੀ ਜੋਗਿੰਦਰ ਕੌਰ ਸੰਧੂ ਨੂੰ ਇਨਸਾਫ ਦੀ ਉਮੀਦ ਹੈ। ਇਹ ਮਹਿਲਾ ਲਗਾਤਾਰ 21 ਸਾਲਾਂ ਤੋਂ ਸਰਕਾਰਾਂ ਦੇ ਦਰਬਾਰੇ ਜਾ-ਜਾ ਕੇ ਥੱਕ ਚੁੱਕੀ ਹੈ।
ਇਸ ਮੌਕੇ ਮਾਸਟਰ ਬਨਵਾਰੀ ਲਾਲ, ਪ੍ਰਿੰਸੀਪਲ ਸਰਬਜੀਤ ਸਿੰਘ, ਕਰਮ ਸਿੰਘ ਕੁਰੜੀ, ਬਾਬੂ ਵੇਦ ਪ੍ਰਕਾਸ਼, ਹਰਵਿੰਦਰ ਸਿੰਘ, ਗੌਰਵ, ਜਸਪਾਲ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਸਿਮਰਨ ਸਿੰਘ ਆਦਿ ਹਾਜ਼ਰ ਹੋਏ ਹਨ।










