ਮੁਹਾਲੀ : ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਹੋਣ ਜਾ ਰਹੀ ਹੈ। ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਕਈ ਵਾਰ ਮੁਲਤਵੀ ਕੀਤੀ ਗਈ ਹੈ। ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਪੁਲਾੜ ਯਾਤਰੀ ਅੱਜ ਬੁੱਧਵਾਰ ਯਾਨੀ ਕਿ 25 ਜੂਨ ਨੂੰ ਐਕਸੀਓਮ-4 ਲਾਂਚ ਕਰਨ ਲਈ ਤਿਆਰ ਹਨ। ਸਪੇਸਐਕਸ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਹੈ ਕਿ ਮੌਸਮ ਉਡਾਣ ਲਈ 90 ਪ੍ਰਤੀਸ਼ਤ ਠੀਕ ਹੈ। ਅਮਰੀਕੀ ਨਿੱਜੀ ਪੁਲਾੜ ਕੰਪਨੀ ਸਪੇਸਐਕਸ ਇਸ ਪੁਲਾੜ ਮਿਸ਼ਨ ਲਈ ਆਵਾਜਾਈ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਸਪੇਸਐਕਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਸਾਂਝੀ ਕੀਤੀ, ਉਹਨਾਂ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ “ਬੁੱਧਵਾਰ 25 ਜੂਨ ਨੂੰ ਐਕਸੀਓਮ ਸਪੇਸ ਦੇ ਐਕਸ -4 ਮਿਸ਼ਨ ਨੂੰ ਸਪੇਸ ਸਟੇਸ਼ਨ ‘ਤੇ ਲਾਂਚ ਕਰਨ ਲਈ ਸਾਰੇ ਸਿਸਟਮ ਠੀਕ ਹਨ ਅਤੇ ਉਡਾਣ ਲਈ ਮੌਸਮ 90 ਪ੍ਰਤੀਸ਼ਤ ਅਨੁਕੂਲ ਹੈ।” ਰਾਸ਼ਟਰੀ ਹਵਾਬਾਜ਼ੀ ਅਤੇ ਪੁਲਾੜ ਪ੍ਰਸ਼ਾਸਨ (NASA) ਨੇ ਕਿਹਾ ਕਿ, ਐਕਸੀਓਮ ਸਪੇਸ ਅਤੇ ਸਪੇਸਐਕਸ ਨੇ 25 ਜੂਨ ਨੂੰ ਦੁਪਹਿਰ 12.01 ਵਜੇ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਚੌਥੇ ਨਿੱਜੀ ਪੁਲਾੜ ਯਾਤਰੀ ਮਿਸ਼ਨ ‘ਐਕਸੀਓਮ ਮਿਸ਼ਨ 4′ ਨੂੰ ਲਾਂਚ ਕਰਨ ਦਾ ਸਮਾਂ ਰੱਖਿਆ ਹੈ।

41 ਸਾਲਾਂ ਬਾਅਦ, ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਐਕਸੀਓਮ ਸਪੇਸ ਦੇ ਐਕਸੀਓਮ-4 ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਯਾਤਰਾ ਲਈ ਰਵਾਨਾ ਹੋਣਗੇ। ਇਹ ਮਿਸ਼ਨ ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਨਿੱਜੀ ਕੰਪਨੀ ਸਪੇਸਐਕਸ ਦੀ ਭਾਈਵਾਲੀ ਵਿੱਚ ਚਲਾਇਆ ਜਾ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਕਸ-04 ਮਿਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ। ਇਹ ਮਿਸ਼ਨ ਅਸਲ ਵਿੱਚ 29 ਮਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਫਾਲਕਨ 9 ਰਾਕੇਟ ਬੂਸਟਰ ਵਿੱਚ ਤਰਲ ਆਕਸੀਜਨ ਲੀਕ ਹੋਣ ਅਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮੋਡੀਊਲ ਵਿੱਚ ਲੀਕ ਹੋਣ ਤੋਂ ਬਾਅਦ ਇਸਨੂੰ 8 ਜੂਨ, 10 ਜੂਨ ਤੇ 11 ਜੂਨ, 19 ਜੂਨ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਅੱਜ ਉਹ ਸਮਾਂ ਆ ਗਿਆ ਜਦ ਐਕਸੀਓਮ-4 ਮਿਸ਼ਨ ਪੂਰਾ ਹੋਵੇਗਾ, ਇਸ ਤਹਿਤ ਭਾਰਤੀ ਸ਼ੁਭਾਂਸ਼ੂ ਸ਼ੁਕਲਾ ਇਤਿਹਾਸ ਰਚਣ ਜਾ ਰਿਹਾ ਹਨ।