BREAKING

Entertainment

ਰਿਲੀਜ਼ ਹੋਣ ਤੋਂ ਪਹਿਲਾ ਹੀ ਵਿਵਾਦਾਂ ‘ਚ ਘਿਰੀ ਦਿਲਜੀਤ ਦੋਸਾਂਝ ਦੀ ਫਿਲਮ “ਸਰਦਾਰ ਜੀ 3”, FWICE ਨੇ ਕਾਰਵਾਈ ਦੀ ਕੀਤੀ ਮੰਗ

ਮੁਹਾਲੀ- ਪੰਜਾਬੀ ਮਸ਼ਹੂਰ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ “ਸਰਦਾਰ ਜੀ 3” ਆਪਣੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਦਰਅਸਲ, ਦਿਲਜੀਤ ਦੋਸਾਂਝ ਨੂੰ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਸਟ ਕਰਨ ਲਈ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਦਿਲਜੀਤ ਅਤੇ ਨਿਰਮਾਤਾਵਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਫਿਲਮ ਭਾਰਤ ਵਿੱਚ ਨਹੀਂ ਸਗੋਂ ਵਿਦੇਸ਼ਾਂ ਵਿੱਚ ਰਿਲੀਜ਼ ਹੋ ਰਹੀ ਹੈ। ਪਰ ਭਾਰਤ-ਪਾਕਿਸਤਾਨ ਤਣਾਅ ਦੇ ਕਾਰਨ, ਪ੍ਰਸ਼ੰਸ਼ਕ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਦੀ ਕਾਸਟਿੰਗ ਨੂੰ ਲੈ ਕੇ ਨਰਾਜ਼ ਹੋ ਗਏ ਹਨ।
ਇਸ ਦੇ ਨਾਲ ਹੀ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਵੀ ਫਿਲਮ ਵਿੱਚ  ਹਾਨੀਆ ਆਮਿਰ ਨੂੰ ਕਾਸਟ ਕਰਨ ‘ਤੇ “ਬਹੁਤ ਨਾਰਾਜ਼ਗੀ” ਪ੍ਰਗਟ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਲਮ ਦੇ ਸਟਾਰ ਦਿਲਜੀਤ ਦੋਸਾਂਝ ਵਿਰੁੱਧ ਸਖ਼ਤ ਅਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
FWICE ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖ ਕੇ “ਸਰਦਾਰ ਜੀ 3” ਦੇ ਅਦਾਕਾਰ ਦਿਲਜੀਤ ਦੋਸਾਂਝ, ਨਿਰਮਾਤਾ ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੱਧੂ ਅਤੇ ਨਿਰਦੇਸ਼ਕ ਅਮਰ ਹੁੰਦਲ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ, FWICE ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਦਿਲਜੀਤ, ਗੁਣਬੀਰ, ਮਨਮੋਰਡ ਅਤੇ ਅਮਰ ਵਿਰੁੱਧ ਸਖ਼ਤ ਅਤੇ ਤੁਰੰਤ ਕਾਰਵਾਈ ਕਰਨ ਅਪੀਲ ਵੀ ਕੀਤੀ। FWICE ਨੇ ਕਿਹਾ ਕਿ ਫਿਲਮ ਲਈ ਹਾਨੀਆ ਨੂੰ ਕਾਸਟ ਕਰਨਾ “ਨਾ ਸਿਰਫ਼ ਸਾਡੇ ਦੇਸ਼ ਦੇ ਕਾਨੂੰਨਾਂ ਅਤੇ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਬਲਕਿ ਸਾਡੇ ਦੇਸ਼ ਦੀ ਆਤਮਾ ਦਾ ਵੀ ਅਪਮਾਨ ਕਰਦਾ ਹੈ।”

ਪੱਤਰ ਵਿੱਚ ਹਨੀਆ ਆਮਿਰ ਦੀ ਵੀ ਆਲੋਚਨਾ ਕੀਤੀ ਗਈ। ਇਸ ਵਿੱਚ ਲਿਖਿਆ ਹੈ, “ਹਾਨੀਆ ਆਮਿਰ ਸਿਰਫ਼ ਇੱਕ ਵਿਦੇਸ਼ੀ ਕਲਾਕਾਰ ਨਹੀਂ ਹੈ। ਉਹ ਭਾਰਤ ਵਿਰੁੱਧ ਜ਼ਹਿਰ ਫੈਲਾ ਰਹੀ ਹੈ। ਉਸਨੇ ਆਪਣੇ ਪਲੇਟਫਾਰਮ ਦੀ ਵਰਤੋਂ ਸਾਡੀਆਂ ਹਥਿਆਰਬੰਦ ਫੌਜਾਂ ਦਾ ਮਜ਼ਾਕ ਉਡਾਉਣ, ਜਨਤਕ ਤੌਰ ‘ਤੇ ਭਾਰਤ ਨੂੰ ਗਾਲਾਂ ਕੱਢਣ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਦੀਆਂ ਕਾਰਵਾਈਆਂ ਨੂੰ ਬੇਸ਼ਰਮੀ ਨਾਲ ਜਾਇਜ਼ ਠਹਿਰਾਉਣ ਲਈ ਕੀਤੀ ਹੈ।” ਕਿਸੇ ਵੀ ਭਾਰਤੀ ਫਿਲਮ ਵਿੱਚ ਉਸਦੀ ਸ਼ਮੂਲੀਅਤ ਹਰ ਭਾਰਤੀ ਨਾਗਰਿਕ, ਹਰ ਸ਼ਹੀਦ ਅਤੇ ਸਰਹੱਦ ਪਾਰ ਅੱਤਵਾਦ ਤੋਂ ਪ੍ਰਭਾਵਿਤ ਹਰ ਪਰਿਵਾਰ ਦਾ ਅਪਮਾਨ ਹੈ।”
FWICE ਨੇ ਪੱਤਰ ਵਿੱਚ ਅੱਗੇ ਲਿਖਿਆ ਹੈ, “ਅਸੀਂ ਸਤਿਕਾਰ ਨਾਲ ਬੇਨਤੀ ਕਰਦੇ ਹਾਂ ਕਿ ਦਿਲੀਜੀਤ ਦਾ ਪਾਸਪੋਰਟ ਬਿਨਾਂ ਕਿਸੇ ਦੇਰੀ ਦੇ ਰੱਦ ਕੀਤਾ ਜਾਵੇ ਅਤੇ ਉਸਨੂੰ ਭਾਰਤੀ ਨਾਗਰਿਕਤਾ ਅਤੇ ਰਾਸ਼ਟਰੀ ਪਛਾਣ ਨਾਲ ਜੁੜੇ ਕਿਸੇ ਵੀ ਅਧਿਕਾਰ, ਵਿਸ਼ੇਸ਼ ਅਧਿਕਾਰ ਜਾਂ ਪ੍ਰਤੀਨਿਧਤਾ ਦਾ ਆਨੰਦ ਲੈਣ ਤੋਂ ਸਥਾਈ ਤੌਰ ‘ਤੇ ਰੋਕ ਲਗਾਈ ਜਾਵੇ।” ਪੱਤਰ ਵਿੱਚ ਅੱਗੇ ਕਿਹਾ ਗਿਆ ਹੈ, “ਉਸਦੀਆਂ ਕਾਰਵਾਈਆਂ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਉਸਦੀ ਵਫ਼ਾਦਾਰੀ ਕਿੱਥੇ ਹੈ – ਨਾ ਤਾਂ ਭਾਰਤ ਪ੍ਰਤੀ, ਨਾ ਹੀ ਭਾਰਤੀ ਸਿਨੇਮਾ ਪ੍ਰਤੀ, ਅਤੇ ਨਿਸ਼ਚਤ ਤੌਰ ‘ਤੇ ਇਸ ਦੇਸ਼ ਦੇ ਲੋਕਾਂ ਪ੍ਰਤੀ ਨਹੀਂ।”
FWICE ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਨਾਲ ਵੀ ਸੰਪਰਕ ਕੀਤਾ ਸੀ ਜਿਸ ਵਿੱਚ ਭਾਰਤ ਵਿੱਚ ਫਿਲਮ ਦੀ ਰਿਲੀਜ਼ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਅਤੇ ਸੈਂਸਰ ਪ੍ਰਮਾਣੀਕਰਣ ਤੋਂ ਇਨਕਾਰ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਸੋਮਵਾਰ ਨੂੰ, ਆਪਣੇ ਇੰਸਟਾਗ੍ਰਾਮ ‘ਤੇ ਡਰਾਉਣੀ-ਕਾਮੇਡੀ ਫ੍ਰੈਂਚਾਇਜ਼ੀ ਦਾ ਟ੍ਰੇਲਰ ਸਾਂਝਾ ਕਰਦੇ ਹੋਏ ਐਲਾਨ ਕੀਤਾ ਸੀ ਕਿ ਇਹ ਫਿਲਮ 27 ਜੂਨ ਨੂੰ ਵਿਦੇਸ਼ਾਂ ਵਿੱਚ ਵਿਸ਼ੇਸ਼ ਤੌਰ ‘ਤੇ ਰਿਲੀਜ਼ ਹੋਵੇਗੀ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds