ਜੀਰਕਪੁਰ ‘ਚ ਬੱਸਾਂ ਦੀ ਚੈਕਿੰਗ, 60 ਹਜ਼ਾਰ ਦੇ ਕੱਟੇ ਚਲਾਨ !
ਮੋਹਾਲੀ ਦੇ ਜੀਰਕਪੁਰ ‘ਚ ਪ੍ਰਾਈਵੇਟ ਅਤੇ ਟੂਰਿਸਟ ਬੱਸਾਂ ਖ਼ਿਲਾਫ਼ ਟ੍ਰਾਂਸਪੋਰਟ ਵਿਭਾਗ ਨੇ ਸਖ਼ਤ ਮੁਹਿੰਮ ਚਲਾਈ। 20 ਤੋਂ ਵੱਧ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਰੀਜਨਲ ਟ੍ਰਾਂਸਪੋਰਟ ਅਥਾਰਟੀ (RTA) ਵੱਲੋਂ ਮੌਕੇ ‘ਤੇ ਹੀ ਲਗਭਗ 60 ਹਜ਼ਾਰ ਰੁਪਏ ਦੇ ਚਲਾਨ ਕੱਟੇ ਗਏ।
ਸਖ਼ਤ ਚੇਤਾਵਨੀ: ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਸਾਡੀਆਂ ਟੀਮਾਂ ਪੂਰੇ ਜ਼ਿਲ੍ਹੇ ‘ਚ ਸਰਗਰਮ ਹਨ।

3 ਪ੍ਰਮੁੱਖ ਬਿੰਦੂਆਂ ‘ਚ ਜਾਣੋ ਪੂਰਾ ਮਾਮਲਾ:
1. ਸ਼ਿਕਾਇਤਾਂ ਦੇ ਆਧਾਰ ‘ਤੇ ਕਾਰਵਾਈ: RTO ਮੋਹਾਲੀ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਅਸਿਸਟੈਂਟ RTO ਗਗਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਜੀਰਕਪੁਰ ਦੇ ਵੱਖ-ਵੱਖ ਰੂਟਾਂ ‘ਚ ਬੱਸਾਂ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬੱਸਾਂ ਗ਼ੈਰ-ਕਾਨੂੰਨੀ ਢੰਗ ਨਾਲ ਟੂਰਿਸਟ ਪਰਮਿਟ ‘ਤੇ ਚੱਲ ਰਹੀਆਂ ਹਨ, ਟੈਕਸ ਨਹੀਂ ਭਰਿਆ ਜਾ ਰਿਹਾ ਅਤੇ ਸਵਾਰੀਆਂ ਦੀ ਓਵਰਲੋਡਿੰਗ ਕੀਤੀ ਜਾ ਰਹੀ ਹੈ।
2. ਪਰਮਿਟ ਦੇ ਹਿਸਾਬ ਨਾਲ ਸਵਾਰੀਆਂ ਤੈਅ: ਇਹ ਬੱਸਾਂ ਆਲ ਇੰਡੀਆ ਟੂਰਿਸਟ ਪਰਮਿਟ ‘ਤੇ ਚੱਲਦੀਆਂ ਹਨ, ਜਿਸ ਲਈ ਲਗਭਗ 90 ਹਜ਼ਾਰ ਰੁਪਏ ਤਿਮਾਹੀ (quarterly) ਟੈਕਸ ਦੇਣਾ ਪੈਂਦਾ ਹੈ। ਟੈਕਸ ਭਰਨ ਤੋਂ ਬਾਅਦ ਬੱਸ ਪਰਮਿਟ ਦੀਆਂ ਸ਼ਰਤਾਂ ਅਨੁਸਾਰ ਹੀ ਨਿਰਧਾਰਿਤ ਥਾਵਾਂ ‘ਤੇ ਜਾ ਸਕਦੀ ਹੈ ਅਤੇ ਤੈਅ ਸਵਾਰੀਆਂ ਬਠਾ ਸਕਦੀ ਹੈ।
3. ਢਾਬਿਆਂ ਜਾਂ ਹੋਟਲਾਂ ਤੋਂ ਸਵਾਰੀ ਚੁੱਕਣ ਦੀ ਇਜਾਜ਼ਤ ਨਹੀਂ: ਬੱਸਾਂ ਨੂੰ ਢਾਬਿਆਂ ਜਾਂ ਹੋਟਲਾਂ ਤੋਂ ਸਵਾਰੀਆਂ ਚੁੱਕਣ ਦੀ ਮਨਜ਼ੂਰੀ ਨਹੀਂ ਹੈ। ਪੰਜਾਬ ਮੋਟਰ ਵਹੀਕਲ ਟੈਕਸ ਨਾ ਭਰਨ ਵਾਲੀਆਂ ਬੱਸਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਰਾਣੀਆਂ ਅਤੇ ਅਨਫ਼ਿਟ ਬੱਸਾਂ ਨੂੰ ਕੇਂਦਰੀ ਆਨਲਾਈਨ ਸਿਸਟਮ ਰਾਹੀਂ ਪਰਮਿਟ ਜਾਰੀ ਨਹੀਂ ਕੀਤਾ ਜਾਂਦਾ।










