ਜਲੰਧਰ ED ਦਫ਼ਤਰ ‘ਚ ਪੇਸ਼ ਨਹੀਂ ਹੋਏ ਸਾਬਕਾ CS
ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਮੌਜੂਦਾ ਵਧੀਕ ਮੁੱਖ ਸਕੱਤਰ (ਮਾਲ ਵਿਭਾਗ) ਅਨੁਰਾਗ ਵਰਮਾ ਨੂੰ ਸਨਟੈੱਕ ਸਿਟੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਨਵਾਂ ਸੰਮਨ ਜਾਰੀ ਕੀਤਾ ਹੈ। ਸੋਮਵਾਰ ਨੂੰ ਜਲੰਧਰ ਸਥਿਤ ਜੋਨਲ ਦਫ਼ਤਰ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਹੁਣ ਉਨ੍ਹਾਂ ਨੂੰ 9 ਸਤੰਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ।
ਇਹ ਮਾਮਲਾ ਮੋਹਾਲੀ ਦੇ ਸਨਟੈੱਕ ਸਿਟੀ ਅਤੇ ਐਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨਾਲ ਜੁੜਿਆ ਹੋਇਆ ਹੈ। ਈਡੀ ਇਸ ਵਿੱਚ ਹੋਈਆਂ ਕਥਿਤ ਅਨਿਯਮਿਤਤਾਵਾਂ ਅਤੇ ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰ ਰਹੀ ਹੈ। ਅਨੁਰਾਗ ਵਰਮਾ ਫਿਲਹਾਲ ਵਧੀਕ ਮੁੱਖ ਸਕੱਤਰ (ਮਾਲ ਵਿਭਾਗ) ਹਨ, ਪਰ ਜਿਸ ਸਮੇਂ ਦੀਆਂ ਗੜਬੜੀਆਂ ਦੀ ਜਾਂਚ ਚੱਲ ਰਹੀ ਹੈ, ਉਸ ਵੇਲੇ ਉਹ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁਖੀ ਸਨ।

ਇਸ ਤੋਂ ਪਹਿਲਾਂ ਈਡੀ ਨੇ ਉਨ੍ਹਾਂ ਨੂੰ 31 ਅਗਸਤ ਨੂੰ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋ ਸਕੇ ਸਨ ਅਤੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰਨ ਲਈ ਵਾਧੂ ਸਮਾਂ ਮੰਗਿਆ ਸੀ। ਦੂਜੇ ਪਾਸੇ, ਆਈਏਐਸ ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ ਵੀ ਇਸੇ ਮਾਮਲੇ ਵਿੱਚ 27 ਅਗਸਤ ਨੂੰ ਦੁਬਾਰਾ ਸੰਮਨ ਭੇਜਿਆ ਗਿਆ ਸੀ।
ਬਿਲਡਰਾਂ ਨੂੰ ਫ਼ਾਇਦਾ ਪਹੁੰਚਾਉਣ ਦੇ ਦੋਸ਼ਾਂ ਹੇਠ ਜਾਂਚ
ਸਨਟੈੱਕ ਸਿਟੀ ਅਤੇ ਐਲਟਸ ਸਪੇਸ ਬਿਲਡਰਜ਼ ਵਿੱਚ ਵਿੱਤੀ ਗੜਬੜੀਆਂ ਸਾਹਮਣੇ ਆਈਆਂ ਸਨ। ਈਡੀ ਇਹ ਪਤਾ ਲਗਾਉਣ ‘ਤੇ ਕੇਂਦਰਿਤ ਹੈ ਕਿ ਕੀ ਨਿਜੀ ਬਿਲਡਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਜ਼ਮੀਨ ਦੀ ਵਰਤੋਂ ਬਦਲਣ (CLU) ਅਤੇ ਗੈਰ-ਕਾਨੂੰਨੀ ਲੇਆਊਟ ਦੇ ਮਾਮਲੇ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਇਸ ਤੋਂ ਇਲਾਵਾ ਦੋਸ਼ ਹੈ ਕਿ ‘ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ’ ਦੀ ਧਾਰਾ 90 ਤਹਿਤ ਕੀਤੀ ਜਾਣ ਵਾਲੀ ਕਾਰਵਾਈ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ਧਾਰਾ 85 ਤਹਿਤ ਕਾਰਵਾਈ ਕੀਤੀ ਗਈ, ਜਿਸ ਨਾਲ ਬਿਲਡਰ ਨੂੰ ਰਾਹਤ ਮਿਲੀ।










