ਮੁਹਾਲੀ ‘ਚ ਰੱਖੜੀ ਖਰੀਦਣ ਗਈ ਕੁੜੀ ਦੀ ਮੌਤ !
ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਬਿਜਲੀ ਦੇ ਖੁੱਲ੍ਹੇ ਤਾਰਾਂ ਅਤੇ ਲਾਪਰਵਾਹੀ ਨਾਲ ਜੁੜੇ ਹਾਦਸੇ ਨੇ 2 ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਮੁੱਲਾਂਪੁਰ ਵਿੱਚ 2 ਛੋਟੇ ਭਰਾਵਾਂ ਲਈ ਰੱਖੜੀ ਖਰੀਦਣ ਬਾਜ਼ਾਰ ਜਾ ਰਹੀ 8 ਸਾਲਾ ਬੱਚੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।ਰੱਖੜੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਮੁੱਲਾਂਪੁਰ ਵਿੱਚ ਦਰਦਨਾਕ ਹਾਦਸਾ ਵਾਪਰਿਆ। ਪਰਿਵਾਰ ਦੀ ਸਭ ਤੋਂ ਵੱਡੀ ਧੀ ਆਪਣੇ 2 ਛੋਟੇ ਭਰਾਵਾਂ ਲਈ ਰੱਖੜੀ ਖਰੀਦਣ ਬਾਜ਼ਾਰ ਜਾ ਰਹੀ ਸੀ। ਇਸੇ ਦੌਰਾਨ ਰਸਤੇ ਵਿੱਚ ਬਿਜਲੀ ਦੇ ਤਾਰ ਜਾਂ ਬਿਜਲੀ ਦੇ ਕਰੰਟ ਦੀ ਲਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ।
ਕਈ ਸਾਲਾਂ ਤੋਂ ਬੰਨ੍ਹਦੀ ਸੀ ਰੱਖੜੀ: ਪਰਿਵਾਰ ਅਨੁਸਾਰ, ਬੱਚੀ ਪਿਛਲੇ ਕੁਝ ਸਾਲਾਂ ਤੋਂ ਆਪਣੇ ਦੋਵਾਂ ਛੋਟੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀ ਆ ਰਹੀ ਸੀ। ਇਸ ਵਾਰ ਵੀ ਉਹ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਭਰਾਵਾਂ ਲਈ ਰੱਖੜੀ ਖਰੀਦਣ ਨਿਕਲੀ ਸੀ, ਪਰ ਰਸਤੇ ਵਿੱਚ ਹੋਏ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ।

ਬਿਜਲੀ ਵਿਭਾਗ ਨੇ ਹਾਦਸੇ ਦੀ ਜਾਂਚ ਦਾ ਦਿੱਤਾ ਭਰੋਸਾ: ਇਸ ਘਟਨਾ ‘ਤੇ ਮੁੱਲਾਂਪੁਰ ਬਿਜਲੀ ਬੋਰਡ ਦੇ ਐਸ.ਡੀ.ਓ. ਯਮਨ ਗੋਇਲ ਨੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਹਾਦਸਾ ਬਹੁਤ ਦਰਦਨਾਕ ਹੈ। ਬਿਜਲੀ ਵਿਭਾਗ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਨਿਯਮਾਂ ਅਨੁਸਾਰ ਪਰਿਵਾਰ ਨੂੰ ਜੋ ਵੀ ਸੰਭਵ ਆਰਥਿਕ ਜਾਂ ਹੋਰ ਸਹਾਇਤਾ ਹੋਵੇਗੀ, ਉਹ ਮੁਹੱਈਆ ਕਰਵਾਈ ਜਾਵੇਗੀ। ਹਾਦਸੇ ਤੋਂ ਬਾਅਦ ਬਿਜਲੀ ਵਿਵਸਥਾ ਅਤੇ ਘਟਨਾ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ :ਮਾਸੂਮ ਧੀ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ‘ਚ ਚੀਕ-ਚਿਸਕਾਰਾ ਮਚ ਗਿਆ। ਜਿਸ ਘਰ ‘ਚ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਖੁਸ਼ੀਆਂ ਦਾ ਮਾਹੌਲ ਸੀ, ਉੱਥੇ ਹੁਣ ਮਾਤਮ ਛਾਇਆ ਹੋਇਆ ਹੈ। ਦੋਵੇਂ ਛੋਟੇ ਭਰਾ, ਜੋ ਆਪਣੀ ਭੈਣ ਤੋਂ ਰੱਖੜੀ ਬਨ੍ਹਵਾਉਣ ਦਾ ਇੰਤਜ਼ਾਰ ਕਰ ਰਹੇ ਸਨ, ਇਸ ਭਾਣੇ ਤੋਂ ਅਣਜਾਣ ਆਪਣੇ ਪਰਿਵਾਰ ਨੂੰ ਰੋਂਦੇ ਦੇਖ ਕੇ ਸਦਮੇ ਵਿੱਚ ਹਨ। ਇਲਾਕੇ ਦੇ ਲੋਕ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਪਹੁੰਚ ਰਹੇ ਹਨ।
ਸਥਾਨਕ ਲੋਕਾਂ ‘ਚ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ: ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਲੈ ਕੇ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਇਲਾਕੇ ‘ਚ ਕਈ ਥਾਵਾਂ ‘ਤੇ ਬਿਜਲੀ ਦੀਆਂ ਨੰਗੀਆਂ ਅਤੇ ਖੁੱਲ੍ਹੀਆਂ ਤਾਰਾਂ ਝੂਲ ਰਹੀਆਂ ਹਨ, ਜਿਨ੍ਹਾਂ ਬਾਰੇ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਪਰ ਵਿਭਾਗ ਨੇ ਸਮੇਂ ਸਿਰ ਕੋਈ ਧਿਆਨ ਨਹੀਂ ਦਿੱਤਾ, ਜਿਸ ਦਾ ਖਾਮਿਆਜ਼ਾ ਇੱਕ ਮਾਸੂਮ ਬੱਚੀ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ :ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।










