
ਚੰਡੀਗੜ੍ਹ- ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (KSCA) ਤੋਂ ਵੱਡੀ ਖ਼ਬਰ ਆ ਰਹੀ ਹੈ। ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੀ ਜਿੱਤ ਪਰੇਡ ਦੌਰਾਨ ਭਗਦੜ ਦੇ ਮਾਮਲੇ ਵਿੱਚ KSCA ਦੇ ਸਕੱਤਰ ਏ. ਸ਼ੰਕਰ ਅਤੇ ਖਜ਼ਾਨਚੀ ਈ. ਜੈਰਾਮ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਭਗਦੜ ਵਿੱਚ 11 ਲੋਕਾਂ ਦੀ ਜਾਨ ਚਲੀ ਗਈ, ਜਦੋਂਕਿ ਕਈ ਜ਼ਖਮੀ ਹੋ ਗਏ। ਦੋਵਾਂ ਨੇ ਆਪਣਾ ਅਸਤੀਫ਼ਾ ਕੇਐਸਸੀਏ ਦੇ ਪ੍ਰਧਾਨ ਨੂੰ ਸੌਂਪ ਦਿੱਤਾ ਹੈ।
KSCA ਦੇ ਸਕੱਤਰ ਏ. ਸ਼ੰਕਰ ਅਤੇ ਖਜ਼ਾਨਚੀ ਈ. ਜੈਰਾਮ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਘੂਰਾਮ ਭੱਟ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੈਂਗਲੁਰੂ ਵਿੱਚ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ, ਅਸੀਂ ਕੇਐਸਸੀਏ ਦੇ ਸਕੱਤਰ ਅਤੇ ਖਜ਼ਾਨਚੀ ਦੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਆਰਸੀਬੀ ਮਾਰਕੀਟਿੰਗ ਹੈੱਡ ਨਿਖਿਲ ਸੋਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ, ਇਵੈਂਟ ਮੈਨੇਜਮੈਂਟ ਕੰਪਨੀ ਡੀਐਨਏ ਦੇ ਸੁਨੀਲ ਮੈਥਿਊ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਆਰਸੀਬੀ ਨੇ 3 ਜੂਨ ਨੂੰ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ IPL ਟਰਾਫੀ ਜਿੱਤੀ। ਇਸ ਜਿੱਤ ਤੋਂ ਬਾਅਦ ਪੂਰੇ ਬੈਂਗਲੁਰੂ ਵਿੱਚ ਜਸ਼ਨ ਦਾ ਮਾਹੌਲ ਸੀ। ਫਿਰ ਅਗਲੇ ਦਿਨ ਯਾਨੀ 4 ਜੂਨ ਨੂੰ, ਜਦੋਂ ਪੂਰੀ ਟੀਮ ਅਹਿਮਦਾਬਾਦ ਤੋਂ ਟਰਾਫੀ ਲੈ ਕੇ ਬੈਂਗਲੁਰੂ ਆਈ, ਤਾਂ ਬੈਂਗਲੁਰੂ ਦੀਆਂ ਸੜਕਾਂ ‘ਤੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਸੀ। ਟੀਮ ਚਿੰਨਾਸਵਾਮੀ ਸਟੇਡੀਅਮ ਪਹੁੰਚੀ, ਜਿੱਥੇ ਪਹਿਲਾਂ ਹੀ ਭਾਰੀ ਭੀੜ ਸੀ। ਇਸ ਦੌਰਾਨ ਭਗਦੜ ਮਚ ਗਈ ਅਤੇ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।